ਪ੍ਰਾਚੀਨ ਕਾਲ
ਹੁਸ਼ਿਆਰਪੁਰ ਜਿਲ੍ਹੇ ਦਾ ਇਲਾਕਾ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ। ਅਜੌਕੀਆਂ ਖੁਦਾਈਆਂ ਤੋਂ ਪਤਾ ਲਗਦਾ ਹੈ ਸ਼ਿਵਾਲਕ ਦੀਆਂ ਪਹਾੜੀਆਂ ਦਾ ਸਾਰਾ ਇਲਾਕਾ ਨਾ ਸਿਰਫ ਮੁੱਢਲੇ ਪ੍ਰਾਚੀਨ ਪੱਥਰ ਕਾਲ ਦੇ ਲੋਕਾਂ ਨੇ ਬਲਕਿ ਅਰੰਭਕ ਇਤਿਹਾਸ ਦੇ ਲੋਕਾਂ ਨੇ ਵੀ ਵੱਸਣ ਵਾਸਤੇ ਚੁੱਣਿਆ। ਅਰੰਭਕ ਪੱਥਰ ਕਾਲ ਦੀਆਂ ਖੌਜਾਂ ਦੌਰਾਨ ਅਤਵਾਰਾਪੁਰ, ਰਹਿਮਾਨਪੁਰ ਅਤ ਤੱਖਣੀ ਜੋ ਕਿ ਹੁਸ਼ਿਆਰਪੁਰ ਦੇ 30-40 ਕਿ.ਮੀ ਉਤਰੀ ਭਾਗ ਵਿਚ ਹਨ ਵਿਖੇ ਪੱਥਰ ਦੀਆਂ ਕਲਾਂ ਕ੍ਰਿਤੀਆਂ ਪ੍ਰਾਪਤ ਹੋਈਆਂ ਹਨ, ਹੁਸ਼ਿਆਰਪੁਰ ਦੇ 24 ਕਿ.ਮੀ. ਉਤਰ ਵਿਚ ਸਥਿਤ ਢੋਲਵਾਹਾ ਵਿਖੇ ਮਿਲੇ ਹਨ ਜਿਲ੍ਹੇ ਦੇ ਪ੍ਰਾਚੀਨ ਇਤਿਹਾਸ ਤੇ ਕਾਫੀ ਸਾਰੀ ਰੌਸ਼ਨੀ ਪਾਉਂਦੀ ਹਨ।
ਲੋਕ ਕਥਾਵਾਂ ਜਿਲ੍ਹੇ ਦੇ ਬਹੁਤ ਸਾਰੇ ਥਾਵਾਂ ਨੂੰ ਪਾਂਡਵਾਂ ਨਾਲ ਜੋੜਦੀਆਂ ਹਨ। ਮਹਾਂਕਾਵਿ ਮਹਾਂਭਾਰਤ ਵਿੱਚ ਜਿਲ੍ਹੇ ਦੇ ਦਸੂਹਾ ਕਸਬੇ ਦਾ ਜਿਕਰ ਰਾਜਾ ਵਿਰਾਟ ਦੇ ਰਾਜ ਵਜੋਂ ਆਊਂਦਾ ਹੈ ਜਿਸਦੀ ਸੇਵਾ ਵਿੱਚ ਪਾਂਡਵਾਂ ਨੇ ਤੇਰਾਂ ਸਾਲ ਦਾ ਬਨਵਾਸ ਕੱਟਿਆ ਸੀ। ਮਾਹਿਲਪੁਰ ਤੋਂ 11 ਕਿ.ਮੀ ਦੂਰੀ ਤੇ ਪੱਛਮ ਵਿਚ ਸਥਿੱਤ ਭਾਮ ਵਿਖੇ ਵੀ ਪਾਂਡਾਵਾਂ ਨੇ ਆਪਣੇ ਬਨਵਾਸ ਦਾ ਸਮਾ ਬਿਤਾਇਆ। ਜੈਜੋਂ ਤੋਂ 19 ਕਿ.ਮੀ ਦੂਰ ਲਸਾੜਾ ਵਿਖੇ ਪਾਂਡਵਾਂ ਨਾਲ ਸਬੰਧਿਤ ਪੱਥਰਾਂ ਦਾ ਬਣਿਆ ਮੰਦਰ ਮੌਜੂਦ ਹੈ। ਚੀਨੀ ਯਾਤਰੀ ਹਿਊਨਸਾਂ ਅਨੁਸਾਰ ਹੁਸ਼ਿਆਰਪੁਰ ਦਾ ਇਲਾਕਾ ਚੰਦਰਵੰਸ਼ੀ ਰਾਜਪੂਤਾਂ ਦਾ ਇਲਾਕਾ ਸੀ ਜਿਨ੍ਹਾ ਨੇ ਮੁਗਲਾਂ ਦੀ ਜਿੱਤ ਤੋਂ ਪਹਿਲਾਂ ਸਦੀਆਂ ਤੱਕ ਆਪਣੀ ਅਜ਼ਾਦ ਹੋਂਦ ਕਾਇਮ ਰੱਖੀ।
ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਦੇ ਆਸਪਾਸ ਤਲਵਾੜਾ ਦੀਆਂ ਸ਼ਿਵਾਲਕ ਪਹਾੜੀਆਂ ਤੋਂ ਸਤਲੁਜ ਤੋ ਸਥਿਤ ਰੂਪਨਗਰ ਤੱਕ ਸਾਂਝਾ ਸੱਭਿਆਚਾਰ ਮਿਲਦਾ ਹੈ। ਸ਼ਿਵਾਲਿਕ ਦੀ ਅਗਲੀ ਪਰਬਤ ਲੜੀ ਵਿੱਚ ਹੁਸ਼ਿਆਰਪੁਰ ਦੇ 16 ਅਜਿਹੇ ਸਥਾਨ ਹਨ ਜਿੱਥੇ ਪੱਥਰ ਯੁੱਗ ਦੇ ਸੰਦ (ਹਥਿਆਰ) ਮਿਲੇ ਹਨ। ਇਹ ਸੰਦ (ਹਥਿਆਰ) ਆਪਸ ਵਿੱਚ ਮੇਲ ਖਾਂਧੇ ਹਨ।
ਅਤਵਾਰਾਪੁਰ ਸਮੂਹ ਵਿੱਚ ਕਾਫੀ ਮਾਤਰਾ ਵਿੱਚ ਪੱਥਰ ਯੁੱਗ ਦੇ ਸੰਦ (ਹਥਿਆਰ) ਮਿਲੇ ਹਨ। ਇਸ ਸਮੂਹ ਦੇ ਅਤਵਾਰਾਪੁਰ,ਰਹਿਮਾਨਪੁਰ ਅਤ ਤੱਖਣੀ ਸ਼ਿਵਾਲਕ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹਨ। ਹਰਿਆਣਾ ਤੋਂ 8 ਕਿ.ਮੀ ਦੂਰ ਅਤਵਾਰਾਪੁਰ ਵਿੱਚ 80 ਸੰਦ (ਹਥਿਆਰ) ਮਿਲੇ ਹਨ ਜਿਨ੍ਹਾਂ ਵਿੱਚ 9 ਕੁਹਾੜੀਆਂ, 19 ਕੁਹਾੜੇ, 17 ਪੱਥਰ ਦੇ ਸੰਦ ਵਧੀਆ ਕਿਸਮ ਦਾ ਬਿਲੌਰ ਪੱਥਰ ਹੈ। ਅਜੌਕੀਆਂ ਖੋਜਾਂ ਤੋਂ ਕੁੱਚ ਗੰਧਾਰ ਸ਼ੈਲੀ ਦੀਆਂ ਕਲਾਂ ਕ੍ਰਿਤੀਆਂ ਜੋ ਕਿ 1000 ਈ.ਪੂ.ਦੀਆਂ ਹਨ ਵੀ ਮਿਲੀਆਂ ਹਨ। ਅਧਿਆਇ ਦੇ ਅੰਤ ਵਿੱਚ ਪੁਰਾਤਤਵ ਵਿਭਾਗ ਵਲੋਂ ਜਾਰੀ ਪੱਥਰ ਦੇ ਸੰਦਾਂ ਵਾਲੀਆਂ ਥਾਵਾਂ ਦੀ ਸੂਚੀ ਦਰਜ ਕੀਤੀ ਗਈ ਹੈ।